ਸਹਿਜਧਾਰੀ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਹਿਜਧਾਰੀ ਸਿੱਖ: ਸੰਨ 1699 ਈ. ਵਿਚ ਖ਼ਾਲਸਾ ਸਿਰਜਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਧਰਮ ਵਿਚ ਵਿਸ਼ਵਾਸ ਰਖਣ ਵਾਲਾ ਅਤੇ ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤਿ ਸਮਝਣ ਵਾਲਾ ਹਰ ਵਿਅਕਤੀਸਿੱਖ ’ ਅਖਵਾਉਂਦਾ ਸੀ। ਅੰਮ੍ਰਿਤ ਸੰਸਕਾਰ ਤੋਂ ਬਾਦ ਸਿੱਖਾਂ ਦੇ ਤਿੰਨ ਵਰਗ ਬਣ ਗਏ। ਇਕ ‘ਸਿੰਘ ’ ਜਿਸ ਨੇ ਅੰਮ੍ਰਿਤ ਪਾਨ ਕਰ ਲਿਆ ਹੋਵੇ। ਦੂਜਾ ‘ਕੇਸਧਾਰੀ’ ਜਿਸ ਨੇ ਕੇਸ ਤਾਂ ਰਖ ਲਏ ਹੋਣ , ਪਰ ਅੰਮ੍ਰਿਤ ਨ ਛਕਿਆ ਹੋਵੇ। ਤੀਜਾ ਜਿਸ ਨੇ ਨ ਅੰਮ੍ਰਿਤ ਛਕਿਆ ਹੋਵੇ ਅਤੇ ਨ ਹੀ ਕੇਸ ਰਖੇ ਹੋਣ, ਪਰ ਸਿੱਖ ਧਰਮ ਦਾ ਅਨੁਯਾਈ ਹੋਵੇ। ਇਹ ਵਰਗ-ਵੰਡ ਗੁਰਦੁਆਰਾ ਸੁਧਾਰ ਅੰਦੋਲਨ ਤਕ ਜਲਦੀ ਆਈ ਸੀ, ਪਰ ਕੁਝ ਸਹਿਜਧਾਰੀ ਸਾਧਾਂ, ਮਹੰਤਾਂ ਅਤੇ ਗੱਦੀਦਾਰਾਂ ਨੇ ਗੁਰੂ- ਧਾਮਾਂ ਦੀ ਮਰਯਾਦਾ ਨੂੰ ਦੂਸ਼ਿਤ ਕਰ ਦਿੱਤਾ, ਜਿਸ ਕਰਕੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਅੰਦੋਲਨ ਚਲਾਇਆ ਗਿਆ।

        ‘ਸਹਿਜਧਾਰੀ’ ਸਿੱਖਾਂ ਸੰਬੰਧੀ ਵਿਵਾਦ ਸਿੱਖ ਗੁਰਦੁਆਰਾ ਐਕਟ 1925 (ਵੇਖੋ) ਦੇ ਪਾਸ ਹੋਣ ਤੋਂ ਬਾਦ ਹੀ ਸ਼ੁਰੂ ਹੁੰਦਾ ਹੈ। ਇਹ ਐਕਟ ਸਿੱਖਾਂ ਦੀ ਬੇਮਿਸਾਲ ਕੁਰਬਾਨੀ ਦਾ ਫਲ ਸੀ। ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿਚ ਲਗਭਗ 40 ਹਜ਼ਾਰ ਸਿੱਖ ਕੈਦ ਹੋਏ ਸਨ ਅਤੇ 400 ਨੂੰ ਆਪਣੀਆਂ ਜਾਨਾਂ ਭੇਂਟ ਚੜ੍ਹਾਉਣੀਆਂ ਪਈਆਂ ਸਨ। ਇਸ ਬਿਲ ਦਾ ਖਰੜਾ ਅਕਾਲੀ ਲੀਡਰਾਂ ਅਤੇ ਵਿਦਵਾਨਾਂ ਦੀ ਸਹਿਮਤੀ ਅਤੇ ਸਹਾਇਤਾ ਨਾਲ ਤਿਆਰ ਕੀਤਾ ਗਿਆ ਸੀ। ਇਹ ਬਿਲ ਬਿਨਾ ਕਿਸੇ ਵਿਰੋਧ ਦੇ ਪਾਸ ਹੋਇਆ ਸੀ। ਇਸ ਐਕਟ ਵਿਚ ਸਿੱਖ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ—ਸਿੱਖ ਦਾ ਮਤਲਬ ਉਹ ਵਿਅਕਤੀ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੈ ਅਤੇ ਜੇ ਉਸ ਦੇ ਸਿੱਖ ਹੋਣ ਸੰਬੰਧੀ ਕੋਈ ਸ਼ੰਕਾ ਪੈਦਾ ਹੁੰਦੀ ਹੋਵੇ ਤਾਂ ਉਸ ਵਿਅਕਤੀ ਵਲੋਂ ਹੇਠਾਂ ਲਿਖੀਆਂ ਗੱਲਾਂ ਦਾ ਐਲਾਨ ਕਰਨ ਤੋਂ ਬਾਦ ਉਸ ਨੂੰ ਸਿੱਖ ਮੰਨਿਆ ਜਾ ਸਕੇਗਾ ਕਿ —

(1)    ਮੈਂ ਤਸਦੀਕ ਕਰਦਾ ਹਾਂ ਕਿ ਮੈਂ ਸਿੱਖ ਹਾਂ,

(2)   ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ,

(3)       ਮੈਂ ਦਸ ਗੁਰੂ ਸਾਹਿਬਾਨ ਵਿਚ ਵਿਸ਼ਵਾਸ ਰਖਦਾ ਹਾਂ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ।

            ਸਿੱਖ ਗੁਰਦੁਆਰਾ ਐਕਟ ਵਿਚ 21 ਸਾਲ ਤੋਂ ਵਧ ਉਮਰ ਦੇ ਹਰ ਇਕ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਫਿਰ ਸੰਨ 1944 ਈ. ਵਿਚ ਇਸ ਐਕਟ ਦੀ ਧਾਰਾ 49 ਵਿਚ ਇਕ ਹੋਰ ਵਿਵਸਥਾ ਸ਼ਾਮਲ ਕੀਤੀ ਗਈ, ਜਿਸ ਵਿਚ ਵੋਟਰ ਦੀ ਯੋਗਤਾ ਇਸ ਪ੍ਰਕਾਰ ਨਿਰਧਾਰਤ ਕੀਤੀ ਗਈ ਕਿ — ਉਹ ਵਿਅਕਤੀ ਵੋਟ ਨਹੀਂ ਪਾ ਸਕਦਾ ਜੋ (1) ਆਪਣੀ ਦਾੜ੍ਹੀ ਜਾਂ ਕੇਸ ਕੱਟਦਾ ਹੋਵੇ (ਸਹਿਜਧਾਰੀਆਂ ਨੂੰ ਛਡ ਕੇ), (2) ਬੀੜੀ-ਸਿਗਰਟ ਪੀਂਦਾ ਹੋਵੇ, (3) ਸ਼ਰਾਬ ਪੀਂਦਾ ਹੋਵੇ

            ਸੰਨ 1959 ਈ. ਵਿਚ ਇਸ ਐਕਟ ਵਿਚ ਇਕ ਨਵੀਂ ਧਾਰਾ 2 (10-ਏ) ਸ਼ਾਮਲ ਕੀਤੀ ਗਈ, ਜਿਸ ਵਿਚ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦਿੱਤੀ ਗਈ। ਉਸ ਧਾਰਾ ਅਨੁਸਾਰ ਸਹਿਜਧਾਰੀ ਸਿੱਖ ਉਹ ਹੈ ਜੋ (1) ਖ਼ੁਸ਼ੀ ਗ਼ਮੀ ਦੇ ਸਾਰੇ ਕਾਰ-ਵਿਹਾਰ ਸਿੱਖ ਧਰਮ ਦੀਆਂ ਰੀਤਾਂ ਮੁਤਾਬਿਕ ਕਰਦਾ ਹੋਵੇ, (2) ਤੰਬਾਕੂ ਅਤੇ ਕੁੱਠੇ (ਹਲਾਲ ਮਾਸ) ਦਾ ਕਿਸੇ ਵੀ ਪ੍ਰਕਾਰ ਸੇਵਨ ਨ ਕਰਦਾ ਹੋਵੇ, (3) ਪਤਿਤ ਨ ਹੋਵੇ, (4) ਮੂਲ-ਮੰਤ੍ਰ ਸੁਣਾ ਸਕਦਾ ਹੋਵੇ।

            ਸਿੱਖ ਧਰਮ ਵਿਚ ਸਹਿਜਧਾਰੀ ਸਿੱਖਾਂ ਸੰਬੰਧੀ ਵਿਵਾਦ ਦੀ ਜੜ੍ਹ ਸਿੱਖ ਗੁਰਦੁਆਰਾ ਐਕਟ ਵਿਚ ਲਭੀ ਜਾ ਸਕਦੀ ਹੈ, ਕਿਉਂਕਿ ਇਸ ਐਕਟ ਨੂੰ ਸਵੀਕਾਰਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਚੋਣ- ਪ੍ਰਣਾਲੀ ਦੁਆਰਾ ਚੁਣੇ ਜਾਣ ਦੀ ਪ੍ਰਥਾ ਸ਼ੁਰੂ ਹੋਈ ਸੀ। ਚੋਣ- ਪ੍ਰਣਾਲੀ ਨੂੰ ਸਵੀਕਾਰ ਕਰ ਲੈਣ ਨਾਲ ਸਿੱਖ-ਧਰਮ ਅਤੇ ਗੁਰੂ-ਧਾਮਾਂ ਦੀ ਵਿਵਸਥਾ ਵਿਚ ਸਿਆਸਤ ਦਾ ਪ੍ਰਵੇਸ਼ ਹੋ ਗਿਆ। ਸੁਆਰਥੀ ਲੀਡਰਾਂ ਨੇ ਗੁਰੂ-ਧਾਮਾਂ ਦੀਆਂ ਚੋਣਾਂ ਨੂੰ ਪੌੜੀਆਂ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਚੋਣਾਂ ਜਿਤਣ ਲਈ ਹਰ ਤਰ੍ਹਾਂ ਦੇ ਗੁਰਮਤਿ ਵਿਰੋਧੀ ਕਰਮਾਚਾਰ ਸਿੱਖੀ ਵਿਚ ਪ੍ਰਵੇਸ਼ ਕਰ ਗਏ। ਇਨ੍ਹਾਂ ਚੋਣਾਂ ਨੇ ਹੀ ਸਿੱਖਾਂ ਅਤੇ ਸਹਿਜਧਾਰੀਆਂ ਵਿਚਲੇ ਸਹਿਜ ਸੁਭਾਵਿਕ ਨਾਤੇ ਨੂੰ ਖੋਰਾ ਲਗਾ ਦਿੱਤਾ ਅਤੇ ਦੋਹਾਂ ਵਿਚ ਵਿੱਥਾਂ ਪੈ ਗਈਆਂ। ਸੱਤਾ ਦੇ ਸੰਘਰਸ਼ ਵਿਚ ਰੁਝੇ ਹੋਏ ਲੀਡਰਾਂ ਨੂੰ ਆਪਣੀ ਸਫਲਤਾ ਲਈ ਜੇ ਆਪਣੇ ਅੰਗ ਵੀ ਕਟਣੇ ਪੈਣ ਤਾਂ ਉਸ ਤੋਂ ਵੀ ਉਹ ਸੰਕੋਚ ਨਹੀਂ ਕਰਦੇ। ਉਨ੍ਹਾਂ ਨੂੰ ਇਹ ਡਰ ਮਾਰ ਰਿਹਾ ਹੈ ਕਿ ਸਹਿਜਧਾਰੀਆਂ ਨੂੰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੋਟ ਪਾਉਣ ਦਾ ਹੱਕ ਮਿਲ ਗਿਆ, ਤਾਂ ਬਹੁਤ ਸਾਰੇ ਪ੍ਰਭਾਵਸ਼ਾਲੀ ਵਿਅਕਤੀ ਆਪਣੇ ਆਪ ਨੂੰ ਸਹਿਜਧਾਰੀ ਕਹਿ ਕੇ ਵੋਟਰ ਬਣ ਜਾਣਗੇ ਅਤੇ ਚੋਣਾਂ ਵਿਚ ਜਿਤ ਪ੍ਰਾਪਤ ਕਰਕੇ ਗੁਰਦੁਆਰਿਆਂ ਉਤੇ ਕਬਜ਼ਾ ਕਰ ਲੈਣਗੇ। ਇਹ ਤਰਕ ਸੱਤਾ ਨੂੰ ਹੱਥੋਂ ਨ ਖਿਸਕਣ ਦੇਣ ਵਾਲਿਆਂ ਦਾ ਹੈ। ਸਪੱਸ਼ਟ ਹੈ ਕਿ ਇਸ ਪ੍ਰਕਾਰ ਦੇ ਫ਼ੈਸਲੇ ਦਾ ਸੰਬੰਧ ਵੋਟਾਂ ਨਾਲ ਅਤੇ ਉਸ ਪ੍ਰਣਾਲੀ ਨਾਲ ਸੰਬੰਧਿਤ ਰਾਜਨੀਤੀ ਨਾਲ ਹੈ, ਧਰਮ ਅਤੇ ਧਾਰਮਿਕ ਵਿਵਸਥਾ ਨਾਲ ਬਿਲਕੁਲ ਨਹੀਂ ਹੈ। ਉਂਜ ਸਹਿਜਧਾਰੀ ਸਿੱਖ ਜਗਤ ਦੇ ਮਹੱਤਵਪੂਰਣ ਅੰਗ ਹਨ ਅਤੇ ਇਨ੍ਹਾਂ ਦੁਆਰਾ ਕੀਤੀ ਸਿੱਖ ਕੌਮ ਦੇ ਗੁਰੂ-ਧਾਮਾਂ ਨੂੰ ਸੰਭਾਲਣ ਦੀ ਸੇਵਾ ਲਾਸਾਨੀ ਹੈ। ਇਹ ਇਕ ਪ੍ਰਕਾਰ ਨਾਲ ਸਿੱਖੀ ਦੀ ਕੱਚੀ ਰਸਦ ਹੈ। ਖ਼ਦਸਾ ਹੈ ਕਿ ਇਸ ਦੇ ਮੁਕਣ ਨਾਲ ਸਿੱਖੀ ਦਾ ਵਿਕਾਸ ਰੁਕ ਨ ਜਾਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਹਿਜਧਾਰੀ ਸਿੱਖ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸਹਿਜਧਾਰੀ ਸਿੱਖ: ਸਿੱਖੀ ਦਾ ਜਨਮ ਗੁਰੂ ਨਾਨਕ ਦੇ ਸਮੇਂ ਹੋਇਆ। ਪਹਿਲੇ ਨੌ ਗੁਰੂ ਸਾਹਿਬਾਨ ਦੇ ਸਮੇਂ ਚਰਨ-ਪਾਹੁਲ ਲੈਣ ਵਾਲੇ ਸਭ ਸਿੱਖ ਅਖਵਾਉਂਦੇ ਸਨ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਇਕ ਵਿਸ਼ੇਸ਼ ਜ਼ਬਤ ਕਾਇਮ ਕੀਤਾ। ਇਨ੍ਹਾਂ ਨੂੰ ‘ਖੰਡੇ ਕੀ ਪਹੁਲ’ ਛਕ ਕੇ ਇਕ ਵਿਸ਼ੇਸ਼ ਰਹਿਤ ਧਾਰਨ ਕਰਨੀ ਪੈਦੀ ਸੀ। ਇਨ੍ਹਾਂ ਸਿੱਖਾਂ ਨੂੰ ਸਿੰਘ ਅਥਵਾ ਖਾਲਸੇ ਦਾ ਨਾਂ ਦਿੱਤਾ ਗਿਆ। ਜਿਹੜੇ ਸਿੱਖ ਦਸਵੇਂ ਗੁਰੂ ਦੀ ਦੱਸੀ ਵਿਸ਼ੇਸ਼ ਰਹਿਤ ਵਿਚ ਨਹੀ ਬੱਝਦੇ ਉਨ੍ਹਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਹੈ। ਉਹ ਪੰਜ ਕਕਾਰ ਧਾਰਨ ਨਹੀਂ ਕਰਦੇ, ਇਸ ਲਈ ਉਹ ਕੇਸਧਾਰੀ (ਜਾਂ ਅੰਮ੍ਰਿਤਧਾਰੀ) ਨਹੀਂ ਹੁੰਦੇ ਪਰ ਗ੍ਰੰਥ ਸਾਹਿਬ ਦੀ ਦੀਖਿਆ ਵਿਚ ਉਨ੍ਹਾਂ ਦਾ ਦ੍ਰਿੜ ਨਿਸ਼ਚਾ ਹੁੰਦਾ ਹੈ। ‘ਸਹਿਜਧਾਰੀ’ ਸ਼ਬਦ ਦਾ ਅਰਥ ਹੈ ਸੁਖਾਲੀ ਧਾਰਨਾ ਵਾਲਾ। ਇਸ ਲਈ ਸਹਿਜਧਾਰੀ ਸਿੱਖ ਉਸ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਸ਼ੇਸ਼ ਜ਼ਬਤ ਵਿਚ ਨਹੀਂ ਬੱਝਦਾ ਅਤੇ ਸੌਖੀ ਰੀਤੀ ਅੰਗੀਕਾਰ ਕਰਦਾ ਹੈ। ਉਹ ਗੁਰੂ ਨਾਨਕ ਦਾ ਨਾਮ ਲੇਵਾ ਹੁੰਦਾ ਹੈ ਅਤੇ ਗੁਰਬਾਣੀ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ ਹੈ। ਸਹਿਜਧਾਰੀ ਸਿੱਖ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਮਿਲਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਸਿੰਧ ਦੇ ਇਲਾਕੇ ਵਿਚ ਬਹੁਤ ਗਿਣਤੀ ਵਿਚ ਸਹਿਜਧਾਰੀ ਸਿੱਖ ਸਨ ਪਰ ਹੁਣ ਇਹ ਬੰਬਈ ਅਤੇ ਹੋਰ ਪ੍ਰਾਂਤਾਂ ਵਿਚ ਜਾ ਆਬਾਦ ਹੋਏ ਹਨ। ਔਖੇ ਸਮਿਆਂ ਵਿਚ ਕੇਸਾਧਾਰੀ ਸਿੰਘਾਂ ਲਈ ਸਹਿਜਧਾਰੀ ਸਿੱਖ ਬਹੁਤ ਸਹਾਇਕ ਸਾਬਤ ਹੁੰਦੇ ਹਨ। ਕਈ ਸਹਿਜਧਾਰੀ ਪਰਿਵਾਰ ਘਟੋ ਘੱਟ ਆਪਣੇ ਇਕ ਬੱਚੇ ਨੂੰ ਸਿੰਘ ਸਜਾ ਲੈਂਦੇ ਹਨ। ਸਹਿਜਧਾਰੀ ਸਿੱਖ ਨੂੰ ਖੁਲਾਸਾ ਵੀ ਕਿਹਾ ਜਾਂਦਾ ਹੈ ਕਿਉਂ ਜੋ ਉਹ ਨੇਮ ਵਿਚ ਨਹੀਂ ਬੱਝਦਾ ਅਤੇ ਖੁਲ੍ਹਾ ਖੁਲਾਸਾ ਰਹਿੰਦਾ ਹੈ। ਮੁਗ਼ਲ ਹਾਕਮਾਂ ਦੇ ਸਮੇਂ ਕੁਝ ਸਿੱਖ ਮੁਗਲਾਂ ਤੋਂ ਡਰਦੇ ਕੇਸਾਧਾਰੀ ਨਾ ਬਣੇ ਪਰ ਉਹ ਖ਼ਾਲਸੇ ਦੀ ਲੁਕ ਛਿਪ ਕੇ ਮਦਦ ਕਰਦੇ ਰਹੇ।

 


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸਹਿਜਧਾਰੀ ਸਿੱਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਹਿਜਧਾਰੀ ਸਿੱਖ : ਉਹ ਵਿਅਕਤੀ ਜਿਨ੍ਹਾਂ ਨੇ ਸਿੱਖੀ ਸਰੂਪ ਧਾਰਨ ਨਹੀਂ ਕੀਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਗਿਆਨਵਾਨ ਤੇ ਵਿਚਾਰਸ਼ੀਲ ਮਨੁੱਖਾਂ ਨੂੰ ਸਹਿਜਧਾਰੀ ਕਹਿੰਦੇ ਹਨ। ਗੁਰਮਤਿ ਗਿਆਨ ਅਨੁਸਾਰ ਸਹਿਜ ਉਹ ਅਵਸਥਾ ਹੈ ਜਿਸ ਵਿਚ ਡਿਗਣਾ, ਡੋਲਣਾ ਅਤੇ ਥਿੜਕਣਾ ਸੰਭਵ ਨਹੀਂ। ਸਹਿਜ ਅਵਸਥਾ ਨੂੰ ਉੱਚ ਮਾਨਸਿਕ ਦਸ਼ਾ ਮੰਨਿਆ ਗਿਆ ਹੈ।

        ਸਹਿਜ ਸ਼ਬਦ ਸ+ਹਜ ਤੋਂ ਬਣਿਆ ਹੈ। ਇਸ ਤੋਂ ਭਾਵ ਅੰਦਰ (ਆਤਮਾ ਜਾਂ ਫ਼ਿਤਰਤ) ਤੋਂ ਪੈਦਾ ਹੋਇਆ ਗੁਣ ਹੈ ਜੋ ਨਸ਼ਟ ਨਹੀਂ ਹੋ ਸਕਦਾ। ਸਹਿਜਧਾਰੀ ਸਿੱਖਾਂ ਵਿਚ ਦਿਲੋਂ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ।

        ਪਹਿਲੇ ਨੌਂ ਗੁਰੂ ਸਾਹਿਬਾਨ ਨੇ ਜਿਹੜਾ ਪ੍ਰਚਾਰ ਕੀਤਾ, ਉਸ ਨੂੰ ਜਿਨ੍ਹਾਂ ਨੇ ਅਪਣਾਇਆ, ਉਨ੍ਹਾਂ ਨੂੰ ‘ਨਾਨਕ ਪੰਥੀ’ ਕਿਹਾ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਾਨਕ ਪੰਥੀਆਂ ਨੂੰ ਗੁਰੂ ਕਾ ਸਿੱਖ ਕਹਿ ਕੇ ਬੁਲਾਇਆ ਜਾਣ ਲੱਗਾ। ਨਾਨਕ ਪੰਥੀਆਂ ਵਿਚ ਹਿੰਦੂ ਅਤੇ ਮੁਸਲਮਾਨ ਸੂਫ਼ੀ ਵੀ ਸ਼ਾਮਲ ਸਨ।

        ਸਹਿਜਧਾਰੀ ਸਿੱਖ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੇ ਸਹਿਜ, ਸ਼ੀਲ ਅਤੇ ਪਵਿੱਤਰਤਾ ਦੇ ਗੁਣਾਂ ਨਾਲ ਗੁਰੂ ਨੂੰ ਪ੍ਰਸੰਨ ਕਰ ਲਿਆ ਹੋਵੇ।

        ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਸਾਜਣ ਤੇ ਜਿਨ੍ਹਾਂ ਲੋਕਾਂ ਨੇ ਅੰਮ੍ਰਿਤ ਛਕਿਆ ਅਤੇ ਪੰਜ ਕਕਾਰਾਂ ਦੀ ਰਹਿਤ ਰਖੀ, ਉਨ੍ਹਾਂ ਨੂੰ ਸਿੰਘ ਕਿਹਾ ਗਿਆ। ਉਨ੍ਹਾਂ ਬਾਰੇ ਇਹ ਕਿਹਾ ਜਾਣ ਲਗਾ ਕਿ ਉਹ ਸਿੰਘ ਸੱਜ ਗਏ ਹਨ ਅਤੇ ਜਿਨ੍ਹਾਂ ਲੋਕਾਂ ਨੇ ਖੰਡੇ ਦੇ ਅੰਮ੍ਰਿਤ ਨੂੰ ਨਹੀਂ ਸੀ ਛਕਿਆ ਪਰ ਸਿੱਖੀ ਸਿਦਕ ਵਿਚ ਪੂਰੇ ਸਨ ਉਨ੍ਹਾਂ ਨੂੰ ਇਤਿਹਾਸ ਵਿਚ ਸਹਿਜਧਾਰੀ ਸਿੱਖ ਕਿਹਾ ਗਿਆ। ਸਹਿਜਧਾਰੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ। ਹਿੰਦੂਆਂ ਵਿਚ ਇਨ੍ਹਾਂ ਦੀ ਗਿਣਤੀ ਕਾਫ਼ੀ ਹੈ।

       


ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-03-11-01-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.